ਕਲਾ ਰੂਹ ਦੀ ਖੁਰਾਕ ਹੈ। ਪਦਾਰਥ ਦੀ ਦੌੜ ਵਿਚ ਗੁਆਚੇ ਮਨੁੱਖ ਨੇ ਅੰਤਰ-ਆਤਮੇ ਵੱਲੋਂ ਮੂੰਹ ਮੋੜ ਕੇ ਆਪਣਾ ਜੀਵਨ ਸੱਖਣਾ ਕਰ ਲਿਆ ਹੈ।
ਇੱਕਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕੇ ਮਨੁੱਖ ਨੂੰ ਅਜੋਕੇ ਸੰਚਾਰ ਸਾਧਨਾਂ ਨੇ ਏਨਾ ਨੇੜੇ ਲੈ ਆਂਦਾ ਹੈ ਕਿ ‘ਗਲੋਬਲ ਪਿੰਡ’ ਦੀ ਗੱਲ ਆਮ ਹੋਣ ਲੱਗ ਪਈ ਹੈ। ਇਸ ਬਾਹਰੋਂਦਿੱਸਦੀ ਮਸਨੂਈ ਨੇੜਤਾ ਨੇ ਅੰਦਰੋਂ ਮਨੁੱਖ ਨੂੰ ਮਨੁੱਖ ਨਾਲੋਂ ਵਧੇਰੇ ਦੂਰ ਅਤੇ ਇਕੱਲਾ ਕਾਰਾ ਕਰ ਦਿੱਤਾ ਹੈ। ਇਸ ਗਲੋਬਲ ਚੇਤਨਾ ਦੀ ਆੜ ਹੇਠ ਪੱਛਮੀ ਤਾਕਤਾਂ, ਪੂਰਬੀ ਸੱਭਿਆਚਾਰ ਅਤੇ ਕਲਾਤਮਿਕ ਅਮੀਰੀ ਨੂੰ ਢਾਹ ਲਾਉਣ ਦੇ, ਅਦਿੱਖ ਹਮਲੇ ਕਰ ਰਹੀਆਂ ਹਨ। ਅਮੀਰਾਂ ਦੀ ਅਮੀਰੀ ਤੇ ਗਰੀਬਾਂ ਦੀ ਗਰੀਬੀ ਵਿੱਚ ਹੋ ਰਹੇ ਨਿਰੰਤਰ ਵਾਧੇ ਨੇ, ਅਜੋਕੇ ਮਨੁੱਖ ਦਾ ਜਿਊਣ-ਚਾਅ ਹੀ ਖੋਹ ਲਿਆ ਹੈ।
ਗੁਰੂ ਸਾਹਿਬਾਨ ਨੇ ਤਾਂ ਪੰਜਾਬ ਦੀ ਧਰਤ ਤੋਂ ‘ਜੋ ਬ੍ਰਹਿਮੰਡੇ ਸੋਈ ਪਿੰਡੇ’ ਦਾ ਸੰਦੇਸ਼ ਦਿੰਦਿਆਂ ਆਪਣੀ ਕਾਇਆ ਵਿਚੋਂ ਕਾਇਨਾਤ ਪਛਾਨਣ ਦਾ ਰਾਹ ਦੱਸਿਆ ਸੀ। ਜਿਸ ਉੱਪਰ ਪੂਰੀ ਤਨਦੇਹੀ ਤੇ ਇਕਾਗਰਤਾ ਨਾਲ ਚਲਦਿਆਂ, ਸਿੱਖਕਲਾ ਸਕੂਲ ਦੇ ਅੰਤਿਮ ਚਿਰਾਗ ਭਾਈ ਗਿਆਨ ਸਿੰਘ ਨੱਕਾਸ਼ (1883-1953) ਨੂੰ ਆਪਾ ਚੀਨਣ ਦਾ ਰਾਹ ਕਲਾ ਰਾਹੀਂ ਚੁਣਿਆ ਅਤੇ ਨਿਰੰਤਰ 32 ਵਰ੍ਹੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਦੀਵਾਰਾਂ, ਛੱਤਾਂ, ਗੁੰਬਦਾਂ ਤੇ ਮਹਿਰਾਬਾਂ ਉੱਪਰ ਨੱਕਾਸ਼ੀ ਦਾ ਕਾਰਜ ਕਿਸੇ ਅੰਤਰੀਵ ਸਾਧਨਾਂ ਵਾਂਗ ਸਰਅੰਜਾਮ ਦਿੱਤਾ। ਜਿਸ ਬਾਰੇ ਕਵੀ ਹਰਿੰਦਰ ਸਿੰਘ ਰੂਪ ਨੇ ਲਿਖਿਆ ਸੀ:
ਮਿਹਨਤ ਗੁਫਾ ਬਣਾ ਲਈ
ਇਕ ਰਸ ਧਰਿਆ ਧਿਆਨ।
‘ਰੂਪ’ ਕਿਵੇਂ ਨਾ ਰੀਝਦਾ
ਹੁਨਰੀ ਬ੍ਰਹਮ ਗਿਆਨ?
ਕਲਾ ਰਾਹੀਂ ਪ੍ਰਾਪਤ ਹੋਏ ‘ਬ੍ਰਹਮ ਗਿਆਨ’ ਦੀ ਹੁਨਰੀ ਸਿਖਰ ਭਾਈ ਗਿਆਨ ਸਿੰਘ ਦੁਆਰਾ ਰਚੀ ‘ਗੁਰਬਾਣੀ ਚਿਤ੍ਰਾਵਲੀ’ ਹੈ, ਜਿਸ ਵਿਚ ਜੀਵਨ ਦੇ ਬੇਹੱਦ ਜਟਿਲ ਲਮਹਿਆਂ ਨੂੰ ਉਲੀਕਦੀਆਂ ਗੁਰਬਾਣੀ ਦੀਆਂ ਸਤਰਾਂ ਵਿਚਲੇ ਪ੍ਰਤੀਕਾਂ ਤੇ ਬਿੰਬਾਂ ਨੂੰ ਇਉਂ ਚਿੱਤਰ ਕੇ ਉਜਾਗਰ ਕੀਤਾ ਗਿਆ ਹੈ, ਕਿ ਉਹ ਆਮ ਪਾਠਕ ਤੇ ਕਲਾ ਦਰਸ਼ਕ ਲਈ ਸਰਲ ਹੋ ਗਈਆਂ ਹਨ। ਭਾਈ ਗੁਰਦਾਸ ਜੀ ਦੀਆਂ ਪੌੜੀਆਂ, ਬਾਬਾ ਫਰੀਦ ਜੀ ਦੇ ਸਲੋਕਾਂ ਅਤੇ ਗੁਰੂ ਸਾਹਿਬ ਵੱਲੋਂ ਰਚੇ ਸ਼ਬਦਾਂ ਦੇ ਇਸ ਚਿਤ੍ਰੀਕਰਣ ਨੂੰ ਉਨ੍ਹਾਂ ਦੇ ਫਰਜੰਦ ਜੀ.ਐਸ. ਸੋਹਨ ਸਿੰਘ (1914-1999) ਨੇ ਹੋਰ ਵੀ ਨਿਖਰਵੇਂ ਰੂਪ ਵਿਚ ਅਗਾਂਹ ਤੋਰਿਆ।
ਭਾਈ ਗਿਆਨ ਸਿੰਘ ‘ਸਿੱਖ ਸਕੂਲ ਆਫ ਆਰਟ’ ਦੇ ਉਸ ਜੱਦੀ ਕਲਾਤਮਿਕ ਘਰਾਣੇ ਤੋਂ ਵਰੋਸਾਏ ਹੋਏ ਸਨ ਜਿਸ ਪਰਿਵਾਰ ਦੇ ਵਡੇਰੇ ਭਾਈ ਕਿਹਰ ਸਿੰਘ ਨੱਕਾਸ਼ ਨੂੰ ਮਹਾਰਾਜਾ ਰਣਜੀਤ ਸਿੰਘ ਦਰਬਾਰ ਦੀ ਸਰਪ੍ਰਸਤੀ ਹਾਸਲ ਹੋਈ ਸੀ। ਭਾਈ ਕੇਹਰ ਸਿੰਘ ਦੇ ਦੋ ਭਤੀਜੇ, ਭਾਈ ਕਿਸ਼ਨ ਸਿੰਘ ਤੇ ਭਾਈ ਬਿਸ਼ਨ ਸਿੰਘ ਆਪਣੇ ਵੇਲੇ ਦੇ ਮਸ਼ਹੂਰ ਨੱਕਾਸ਼/ਫਰੈਸਕੋ ਪੇਂਟਰ ਹੋਏ ਹਨ। ਭਾਈ ਬਿਸ਼ਨ ਸਿੰਘ ਦੇ ਅੱਗੋਂ ਦੋ ਪੁੱਤਰ, ਬਾਈ ਨਿਹਾਲ ਸਿੰਘ ਤੇ ਭਾਈ ਜਵਾਹਰ ਸਿੰਘ ਹੋਏ। ਜਿਨ੍ਹਾਂ ਉਸਤਾਦਾਂ ਦੇ ਪਦ-ਚਿੰਨ੍ਹਾਂ ‘ਤੇ ਚਲਦਿਆਂ ਹੀ ਭਾਈ ਗਿਆਨ ਸਿੰਘ ਨੇ ਫਰੈਸਕੋ-ਕਲਾਵਿਚ ਪ੍ਰਬੀਨਤਾ ਹਾਸਲ ਕੀਤੀ ਤੇ ਇਸ ਕਲਾ ਨੂੰ ਅਖੰਡ ਬਿਰਤੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੀਆਂ ਦੀਵਾਰਾਂ ‘ਤੇ ਅੰਕਿਤ ਕਰਕੇ ਆਪਣਾ ਜੀਵਨ ਸਫਲ ਕੀਤਾ। ਇਸ ਸੰਤ-ਆਤਮਾ ਉੱਪਰ ਏਨੀ ਰੂਹਾਨੀ ਬਖਸ਼ਿਸ਼ ਸੀ ਕਿ ਜੀਵਨ ਦੇ ਅੰਤਲੇ ਸਾਹਾਂ ਤੱਕ ਉਹ ਏਨਾ ਮਹੀਨ ਕਲਾਤਮਿਕ ਕਾਰਜ ਆਪਣੀ ਕੁਦਰਤੀ ਨਜ਼ਰ ਨਾਲ ਹੀ ਕਰਦੇ ਰਹੇ। ਉਨ੍ਹਾਂ ਦੁਆਰਾ ਸਿਰਜੇ ਕੰਧ-ਚਿੱਤਰਾਂ ਵਿਚ ਕੋਈ ੩੦੦ ਦੇ ਕਰੀਬ ਫੁੱਲਾਂ ਦੇ ਭਿੰਨ-ਭਿੰਨ ਨਮੂਨੇ, ਅੱਧ ਖਿਲੀਆਂ ਕਲੀਆਂ ‘ਤੇ ਮੰਡਰਾਉਂਦੇ ਤਿੱਤਲੀਆਂ-ਭੌਰੇ, ਧਿਆਨ ਮਗਨ ਯੋਗੀਆਂ ਦੇ ਸਿਰਾਂ ਦੁਆਲੇ ਉੱਕਰੇ ਅਸਮਾਨੀ ਰੰਗੇ ਹਾਲੇ ਉਪਰ ਸੁਨਹਿਰੀ ਘੇਰੇ ਵਿਚੋਂ ਉੱਘੜਦੇ ਗੁਲਦਸਤੇ ਅਤੇ ਮਾਨਵੀ ਅਕਾਰਾਂ ਦੇ ਹੇਠਾਂ ਉਨ੍ਹਾਂ ਦੇ ਤਾਬਿਆਂ ਵਿਚਰਦੇ ਅਨੇਕਾਂ ਖੂੰਖਾਰ ਸ਼ੇਰ, ਚੀਤੇ, ਹਾਥੀ, ਅਜਗਰ, ਚੂੰਗੀਆਂ ਭਰਦੇ ਹਿਰਨ, ਕਲੋਲਾਂ ਕਰਦੇ ਹੰਸ ਤੇ ਅਨੇਕਾਂ ਹੋਰ ਪੰਛੀਆਂ ਦੇ ਚਿੱਤਰਾਂ ਦੀ ਕਲਾਤਮਿਕ ਨਰਮਾਈ ਵਿਚੋਂ, ਉਨ੍ਹਾਂ ਦੀ ਰੂਹਾਨੀ ਉਡਾਰੀ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਤੇ ਉਨ੍ਹਾਂ ਦੀਆਂ ਡਰਾਇੰਗਾਂ ਨੂੰ ਆਧਾਰ ਬਣਾ ਕੇ ਸੰਗਮਰਮਰ ਵਿਚ ਉੱਕਰੀਆਂ ਬੇਜੋੜ ਮਹੀਨ ਰੇਖਾਵਾਂ ਵਿਚੋਂ ਕਲਾ ਦੀ ਉੱਤਮਤਾਈ ਦੇ ਬੇਜੋੜ ਸੰਗੀਤ ਨੂੰ ਅੱਜ ਵੀ ਮਾਣਿਆ ਜਾ ਸਕਦਾ ਹੈ। ਵੈਟੀਕਨ ਸਿਟੀ ਵਿਚਲੇ ਸਿਸਤਿਨਾ ਚੈਪਲ ਚਿਲੀਆਂ ਮਾਈਕਲੈਜੋ, ਬੁਰਨੀਨੀ ਤੇ ਰਾਫੇਲ ਦੀਆਂ ਕਲਾਕ੍ਰਿਤਾਂ ਨੂੰ ਸਲਾਹੁੰਦੇ ਕਲਾ-ਪਾਰਖੂਆਂ ਨੂੰ ਅਸਲ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚਲਾ ਇਹ ਕਲਾਤਮਿਕ ਕਾਰਜ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ ਵਰਨਾ ਇਹ ਕਲਾ ਉਸ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਸਲਾਹੁਣਯੋਗ ਨਹੀਂ।
ਸ੍ਰੀ ਦਰਬਾਰ ਸਾਹਿਬ ਤੋਂ ਰਿਟਾਇਰ ਹੋਣ ਪਿੱਛੋਂ ਭਾਈ ਗਿਆਨ ਸਿੰਘ ਨੇ ਆਪਣੇ ਪੁੱਤਰ ਸੋਹਨ ਸਿੰਘ ਨਾਲ ਮਿਲ ਕੇ ਆਪਣੇ ਕਲਾਤਮਿਕ ਕਾਰਜਾਂ ਨੂੰ 1931 ਤੋਂ 1946 ਤੱਕ ਨਵੀਂ ਦਿਸ਼ਾ ਵੱਲ ਤੋਰਿਆ। 1947 ‘ਚ ਹੋਈ ਦੇਸ਼-ਵੰਡ ਦੇ ਰੌਲਿਆਂ ਨਾਲ ਉਨ੍ਹਾਂ ਦੇ ਜੀਵਨ ਵਿਚ ਵੀ ਉਥਲ-ਪੁਥਲ ਹੋਈ ਪਰ 1953 ਵਿਚ ਪਿਤਾ ਦੇ ਚੜ੍ਹਾਈ ਕਰ ਜਾਣ ਉਪਰੰਤ ਜੀ.ਐਸ.ਸੋਹਨ ਸਿੰਘ ਨੇ ਪਿਤਾ ਦੇ ਅਦੁੱਤੀ ਕਲਾਤਮਿਕ ਕਾਰਜ ਨੂੰ ਸੰਭਾਲਣ ਲਈ ‘ਗਿਆਨ ਚਿਤ੍ਰਾਵਲੀ’ 1956 ਵਿਚ ਪ੍ਰਕਾਸ਼ਿਤ ਕਰਵਾਈ। ਜਿਸ ਦੀ ਪ੍ਰਕਾਸ਼ਨਾ ਵੇਲੇ ਰੰਗੀਨ ਚਿੱਤਰਾਂ ਦੀ ਉਚਿਤ ਛਪਾਈ ਨੇ ਬਲਾਕ ਘਾੜਤ ਵਿਚ ਮੁਹਾਰਤ ਹਾਸਲ ਕਰਨ ਦਾ ਮੌਕਾ ਦਿੱਤਾ। ਜਿਸ ਨੂੰ ਅੱਗੇ ਚੱਲ ਕੇ ਉਨ੍ਹਾਂ ਦੇ ਵੱਡੇ ਸਪੁੱਤਰ ਸ:ਸੁਰਿੰਦਰ ਸਿੰਘ ਨੇ ਲਾਈਨ ਬਲਾਕ ਦੇ ਨਾਲ-ਨਾਲ ਮੋਨੋਕ੍ਰੋਮ ਤੇ ਟ੍ਰਾਈਕਲਰ ਹਾਫ-ਟੋਨ ਬਲਾਕਾਂ ਦੀ ਮਾਸਟਰੀ ਨਾਲ ਜੋੜਿਆ। ਕੈਮਰਾ ਫੋਟੋਗ੍ਰਾਫੀ ਦੀ ਉਚਿਤ ਛਪਾਈ ਲਈ ਇਹ ਬੜੀ ਕਾਰਗਰ ਤਕਨੀਕ ਸੀ, ਜਿਸ ਵਿਚ ਪੰਜਾਬ ਭਰ ਵਿਚ ਸੁਰਿੰਦਰ ਸਿੰਘ ਨੇ ਇਕ ਉਸਤਾਦ ਵਜੋਂ ਨਾਂਅ ਪੈਦਾ ਕੀਤਾ। ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੀਆਂ ਸੇਵਾਵਾਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉੱਤਮ ਛਪਾਈ ਦੇ ਨਾਲ-ਨਾਲ ਆਧੁਨਿਕ ਤਕਨੀਕ ਨਾਲ ਰੰਗੀਨ ਕੈਲੰਡਰ ਅਤੇ ਡਾਇਰੀਆਂ ਆਦਿ ਪ੍ਰਕਾਸ਼ਿਤ ਕਰਨ ਵਿਚ ਪਹਿਲਕਦਮੀ ਕੀਤੀ।
ਇਸ ਸਮੇਂ ਦੌਰਾਨ ਸ:ਸੁਰਿੰਦਰ ਸਿੰਘ ਦੇ ਛੋਟੇ ਭਰਾਤਾ ਸ:ਸਤਪਾਲ ਸਿੰਘ ਦਾਨਿਸ਼ ਬਤੌਰ ਫੋਟੋ ਜਰਨਲਿਸਟ ਦੁਨੀਆਂ ਭਰ ਵਿਚ ਚੰਗਾ ਨਾਮਣਾ ਖੱਟ ਚੁੱਕੇ ਸਨ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਦੀ ਨੱਕਾਸ਼ੀ ਅਤੇ ਵੱਖ-ਵੱਖ ਕੋਨਾਂ ਤੋਂ ਕੀਤੀ ਉਨ੍ਹਾਂ ਦੀ ਕਲਾਤਮਿਕ ਫੋਟੋਗ੍ਰਾਫੀ ਦੁਨੀਆਂ ਭਰ ਦੇ ਵੱਡੇ ਅਖਬਾਰਾਂ, ਰਸਾਲਿਆਂ ਨੇ ਪ੍ਰਕਾਸ਼ਿਤ ਕੀਤੀ। ਇੰਟਰਨੈਸ਼ਨਲ ਨਿਊਜ਼ ਏਜੰਸੀ ‘ਏ.ਐਫ.ਬੀ. ਅਤੇ ਟੈਲੀਗ੍ਰਾਫ ਨੇ ਉਨ੍ਹਾਂ ਨੂੰ ਪੰਜਾਬ ਪ੍ਰਤੀਨਿਧ ਵਜੋਂ ਮਾਨਤਾ ਦਿੱਤੀ। ਬਲਿਊ ਸਟਾਰ ਆਪ੍ਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਦੇ ਸਾਰੇ ਮਹੱਤਵਪੂਰਨ ਪਲ ਉਨਾਂ੍ਹ ਨੇ ਕੈਮਰੇ ਦੀ ਅੱਖ ਰਾਹੀਂ ਦੁਨੀਆਂ ਨੂੰ ਵਿਖਾਏ। ਅੰਤਾਂ ਦੀ ਸਰਗਰਮੀ ਉਪਰੰਤ ਇਕ ਦਿਨ ਇਹ ਮਹਿਸੂਸ ਕਰਦਿਆਂ ਕਿ ਅਜੋਕੀ ਰਾਜਨੀਤੀ ਦੀਆਂ ਕੂਟਨੀਤਕ ਚਾਲਬਾਜ਼ੀਆਂ ਵਿੱਚ ਕਲਾਤਮਿਕਤਾ ਦੇ ਸ਼ੋਸ਼ਣ ਨੂੰ ਜੇ ਰੋਕਿਆ ਨਹੀਂ ਜਾ ਸਕਦਾ ਤਾਂ ਘੱਟੋ ਘੱਟ ਸੱਚ ਨੂੰ ਬਚਾਈ ਰੱਖਣ ਲਈ ਆਪਣਾ ਆਪਾ ਤਾਂ ਸਮਰਪਿਤ ਕੀਤਾ ਹੀ ਜਾ ਸਕਦਾ ਹੈ। ਸੋ ਕੈਮਰੇ ਦੇ ਨਾਲ-ਨਾਲ ਉਨ੍ਹਾਂ ਨੇ ਪਿਤਾ-ਪੁਰਖੀ ਬੁਰਸ਼ ਤੇ ਕੈਨਵਸ ਨੂੰ ਢਾਲ ਬਣਾ ਕੇ ਅਜੋਕੀ ਪਦਾਰਥਕ ਮਾਨਸਿਕਤਾ ਦੇ ਖਿਲਾਫ਼ ਕਲਾਤਮਕ ਜੰਗ ਵਿੱਚ ਦਿੱਤੀ। ਹੁਣ ਤੱਕ ਉਨ੍ਹਾਂ ਨੇ ਦਸ ਗੁਰੂ ਸਾਹਿਬਾਨ, ਪੰਦਰਾਂ ਭਗਤਾਂ, ਮਹੱਤਵਪੂਰਨ ਇਤਿਹਾਸਕ ਪੇਂਟਿੰਗਾਂ ਦੀਆਂ ਪੁਨਰ-ਕਿਰਤਾਂ ਰਚਣ ਤੋਂ ਇਲਾਵਾ ਸਿੱਖ ਸੰਤਾਂ, ਪੰਥਕ ਨੇਤਾਵਾਂ ਅਤੇ ਸਿਰਦਾਰ ਕਪੂਰ ਸਿੰਘ ਜਿਹੇ ਚਿੰਤਕਾਂ ਦੇ ਪੋਟ੍ਰੇਟ ਰਚੇ ਹਨ। ਉਨ੍ਹਾਂ ਦੀ ਕਲਾ-ਕ੍ਰਿਤਾਂ ਨੂੰ ਕੇਂਦਰੀ ਸਿੱਖ ਅਜਾਇਬ ਘਰ ਤੋਂ ਇਲਾਵਾ ਬਾਬਾ ਦੀਪ ਸਿੰਘ ਵਾਲੀ ਪੇਂਟਿੰਗ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚਲੇ ਗੁ: ਬਾਬਾ ਦੀਪ ਸਿੰਘ ਵਿਖੇ ਸੁਸ਼ੋਭਿਤ ਕੀਤਾ ਗਿਆ ਹੈ। ਯੋਗੀ ਹਰਭਜਨ ਸਿੰਘ ਖਾਲਸਾ ਨੇ ਉਨ੍ਹਾਂ ਦੇ ਕਈ ਚਿੱਤਰ ਐਸਪੇਨੋਲਾ (ਅਮਰੀਕਾ) ਵਿਚਲੇ ਕਲਾ ਘਰ ਲਈ ਰਾਖਵੇਂ ਕੀਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਹਾਰਾਜਾ ਰਣਜੀਤ ਸਿੰਘ ਭਵਨ ਦੇ ਪ੍ਰਵੇਸ਼ ਦੁਆਰ ਲਈ ਸਤਪਾਲ ਦਾਨਿਸ਼ ਤੋਂ ਮਹਾਰਾਜੇ ਦੀ ਵੱਡ-ਆਕਾਰੀ ਪੇਂਟਿੰਗ ਤਿਆਰ ਕਰਵਾਈ। ਦੇਸ਼-ਵਿਦੇਸ਼ ਦੀਆਂ ਮਹੱਤਵਪੂਰਨ ਸਿੱਖ ਸੰਸਥਾਵਾਂ ਨੇ ਉਨ੍ਹਾਂ ਦੀ ਕਲਾਤਮਿਕ ਸੂਝ ਦਾ ਲਾਹਾ ਲਿਆ ਹੈ।
ਨਵੀਂ ਪੀੜ੍ਹੀ ਨੇ ਨਵੇਂ ਢੰਗ ਨਾਲ ਇਸ ਕਾਰਜ ਨੂੰ ਅਗਾਂਹ ਤੋਰਿਆ ਹੈ। ਸੱਤਪਾਲ ਦਾਨਿਸ਼ ਦੇ ਸਪੁੱਤਰ ਹਰਦੀਪ ਸਿੰਘ ਨੇ ਕੰਪਿਊਟਰ ਮਾਸਟਰ ਵਜੋਂ 30 ਸਾਲ ਦੀ ਉਮਰ ਵਿਚ ਹੀ ਪੁਖਤਾ ਕਾਰਜ ਕਰ ਵਿਖਾਏ ਹਨ। ਉਸ ਨੇ ਆਪਣੇ ਤਾਇਆ ਸ:ਸੁਰਿੰਦਰ ਸਿੰਘ ਆਰਟਿਸਟ ਦੇ ਪੁੱਤਰ ਪ੍ਰੋ: ਹਰਪ੍ਰੀਤ ਪਾਲ ਸਿੰਘ ਦੇ ਸਹਿਯੋਗ ਨਾਲ ਨਵੀਆਂ ਦਿਸ਼ਾਵਾਂ ਵੱਲ ਕਦਮ ਪੁੱਟਣੇ ਆਰੰਭ ਦਿੱਤੇ ਹਨ। ਆਪਣੇ ਪੁਰਖਿਆਂ ਦੇ ਕਲਾਤਮਿਕ ਵਿਰਸੇ ਨੂੰ www.art-heritage.com ਵੈਬਸਈਟ ਰਾਹੀਂ ਦੁਨੀਆਂ ਦੇ ਹਰੇਕ ਕੋਨੇ ਵਿੱਚ ਪਹੁੰਚਾ ਦਿੱਤਾ ਹੈ। ਪੁਰਾਤਨ ਤਸਵੀਰਾਂ ਸਕੈਨ ਕਰਕੇ, ਉਨ੍ਹਾਂ ਨੂੰ ਕੈਨਵਸ, ਗਲੇਜ਼ਡ ਅਤੇ ਮੈਟ ਪੇਪਰ ਰਾਹੀਂ ਇੰਨੀ ਪ੍ਰਬੀਨਤਾ ਨਾਲ ਰੀਪ੍ਰੋਡਿਊਸ ਕੀਤਾ ਹੈ ਕਿ ਉਹ ਅਸਲ ਚਿੱਤਰਾਂ ਨਾਲੋਂ ਵੀ ਵਧੇਰੇ ਆਕਰਸ਼ਕ ਹੋਣ ਕਾਰਨ, ਦੁਨੀਆਂ ਭਰ ਦੇ ਕਲਾਤਮਕ ਹਿਰਦਿਆਂ ਦੀ ਮੰਗ ਬਣ ਰਹੀਆਂ ਹਨ।
ਇਸ ਸਿੱਖ ਕਲਾਤਮਿਕ ਵਿਰਸੇ ਦੀ ਇੰਗਲੈਂਡ ਤੇ ਹੋਰ ਯੂਰਪੀ ਮੁਲਕਾਂ ਵਿਚ ਪ੍ਰਦਰਸ਼ਨੀ ਕਰ ਚੁੱਕੇ ਇਸ ਪਰਿਵਾਰ ਦਾ ਟੀਚਾ ਹੈ ਕਿ ਉਹ ‘ਜੀ.ਐਸ.ਸੋਹਨ ਸਿੰਘ ਯਾਦਗਾਰੀ ਟਰੱਸਟ’ ਰਾਹੀਂ ਅੰਮ੍ਰਿਤਸਰ ਵਿਚ ਇਕ ਨਿਵੇਕਲਾ ਆਧੁਨਿਕ ਤਕਨਾਲੋਜੀ ਵਾਲਾ ਕਲਾ ਭਵਨ ਉਸਾਰ ਕੇ, ਭਵਿੱਖ ਦੀਆਂ ਪੀੜ੍ਹੀਆਂ ਵਿੱਚ ਕਲਾਤਮਿਕ ਚੇਤਨਾ ਦੀ ਜੋਤ ਜਗਾਈ ਰੱਖਣ। ਬੇਸ਼ੱਕ ਅਜੇ ਤੱਕ ਕਿਸੇ ਸਰਕਾਰੀ/ਗੈਰ-ਸਰਕਾਰੀ ਅਦਾਰੇ ਨੇ ਹਾਂ-ਮੁਖੀ ਹੁੰਗਾਰਾ ਨਹੀਂ ਦਿੱਤਾ ਪਰ ਉਨ੍ਹਾਂ ਦਾ ਯਕੀਨ ਹੈ ਕਿ ਗੁਰੂ ਨਾਨਕ-ਨਾਮ ਲੇਵਾ ਕਦੇ ਨਾ ਕਦੇ ਆਪਣੇ ਅਦੁੱਤੀ ਵਿਰਸੇ ਪ੍ਰਤੀ ਸੁਚੇਤ ਹੋ ਕੇ ਇਸ ਟਰੱਸਟ ਨੂੰ ਸਹਿਯੋਗ ਦੇਣਗੇ ਤਾਂ ਕਿ ਸਦੀਆਂ ਦੀ ਸੱਚੀ ਘਾਲਣਾ ਵਿਚੋਂ ਉਪਜਿਆ ਇਹ ਕਲਾਤਮਿਕ ਵਿਰਸਾ ਅੰਝਾਈਂ ਨਾ ਚਲਾ ਜਾਵੇ।
-ਡਾ: ਜਤਿੰਦਰਪਾਲ ਸਿੰਘ ਜੌਲੀ
(ਰੋਜ਼ਾਨਾ ਅਜੀਤ)